I wrote this poem some years ago, after my mother passed away. I am not sure I have written anything more honest before or since. I share it here not because it is the best poem I have ever written, but because it is the most real. If you have lost your mother, you will know these words before you even read them.
ਇੱਕ ਜ਼ਮਾਨਾ ਬੀਤਿਆ
ਜਦੋਂ ਮੈਂ ਅੱਪਣੀ ਮਾਂ
ਕੁੱਖੋਂ ਜਨਮ ਲਿਆ ।
ਨਿੱਕਾ ਜਿਹਾ,
ਹੱਡ ਮਾਸ ਦਾ ਬੁੱਥ ਸੀ ।
ਕੁਝ ਵੀ ਨਹੀਂ ਆਪੇ ਆਪ
ਕਰਣ ਜੋਗਾ ਬੁੱਥ ।
ਉਸ ਮੇਰੇ ਜਨਮ ਦਾਤਾ ਨੇ
ਮੈਨੂੰ ਜੰਮਿਆ, ਫੇਰ ਪਾਲਿਆ,
ਮੈਂ ਉਸਨੇ ਅਤੇ ਮੈਂ ਉਸਨੂੰ
ਅਪਣੇ ਹਰ ਸਾਹ ਵਿੱਚ ਸਮਾਲਿਆ ।
“ਮੇਰੀ ਮਾਂ ਕਿੱਥੇ ?
ਦੱਸੋ ਮੈਨੂੰ
ਮੇਰੀ ਮਾਂ ਕਿੱਥੇ?”
ਥੋੜਾ ਵੱਡਾ ਹੋਯਾ
ਸਕੂਲੇ ਪੈ ਗਿਆ ਪੜ੍ਹਨੀ
ਸਾਰੇ ਪੈਂਡੇ ਸਕੂਲ ਦੇ,
ਮਾਂ ਦੀ ਉੱਂਗਲ
ਘੁੱਟ ਕੇ ਫੜਨੀ ।
ਸਕੂਲ ਦੇ ਜ਼ਾਲਮ
ਕਾਮਿਆਂ ਨੇ
ਹਰ ਰੋਜ਼ ਮੈਨੂੰ ਖਿੱਚ ਕੇ
ਮੇਰੀ ਮਾਂ ਮੈਥੋਂ ਦੂਰ ਕਰਣੀ ।
ਸਕੂਲੋਂ ਬਾਦ
ਕਦੇ ਕਦੇ ਮਾਂ ਨੇ
ਨਹੀਂ ਆਉਣੇ ਲੈਣ ।
ਆਉਂਦਾ ਕੋਈ ਹੋਰ
ਘਰ ਦਾ ਕਾਮੀਂ,
ਯਾ ਫੇਰ ਵੱਡੀ ਭੈਣ ।
ਛੇਤੀ ਛੇਤੀ ਘਰ
ਪੁੱਜ ਕੇ ਪੁੱਛਣੇ —
“ਮੇਰੀ ਮਾਂ ਕਿੱਥੇ ?
ਦੱਸੋ ਮੈਨੂੰ
ਮੇਰੀ ਮਾਂ ਕਿੱਥੇ?”
ਹਰ ਸ਼ਾਮ
ਮਾਂ ਨੇ ਬੁਰਕੀ ਥੁਰਕੀ
ਰੋਟੀ ਰੋਜ਼ ਖਵੌਣੀ ।
ਕਦੇ ਕਹਾਣੀ
ਤੇ ਕਦੇ ਲੋਰੀ ਸੁਣਾ ਕੇ
ਮਿੱਠੀ ਨੀਂਦ ਸਵੌਣੀ ।
ਕਦੇ ਦੰਦ ਦੇ ਡਰੌਣੇ
ਸੁਫਣੇ ਤੋਂ ਉੱਠ ਜਾਣਾ
ਤੇ ਪੁੱਛਣਾ —
“ਮੇਰੀ ਮਾਂ ਕਿੱਥੇ ?
ਦੱਸੋ ਮੈਨੂੰ
ਮੇਰੀ ਮਾਂ ਕਿੱਥੇ?”
ਸਮੇਂ ਬੀਤਿਆ
ਬਾਰ੍ਹਵੀਂ ਦਾ ਨਤੀਜਾ ਆਯਾ
ਮੁੰਡੇ ਨੂੰ ਡਾਕਟਰੀ ਕਾਲਜ
ਦਾਖਲਾ ਮਿਲਿਆ,
ਮਾਂ ਨੇ ਵੱਡਾ
ਜਸ਼ਨ ਮਣਾਯਾ ।
ਡਾਕਟਰੀ ਦੀ ਏਸ
ਭੜਾਈ ਨੇ ਮੈਨੂੰ
ਮਾਂ ਤੋਂ ਦੂਰ ਕਰਾਯਾ !
ਪਰ ਜਦੋਂ ਵੀ ਮੈਂ
ਘਰ ਨੂੰ ਆਉਣਾ,
ਹਰ ਵਾਰ ਮੈਂ ਏਹੋ ਪੁੱਛਣਾ —
“ਮੇਰੀ ਮਾਂ ਕਿੱਥੇ ?
ਦੱਸੋ ਮੈਨੂੰ
ਮੇਰੀ ਮਾਂ ਕਿੱਥੇ?”
ਫੇਰ ਇੱਕ ਦਿਨ
ਐਸਾ ਆਯਾ
ਮਾਂ ਮੇਰੀ ਭੁੱਜਾਂ ਵਿੱਚ ਡਿੱਗੀ
ਦਿਲ ਦੇ ਦੌਰੇ
ਨੇ ਜਾਲ ਵਿਛਾਯਾ ।
ਮਾਂ ਨੂੰ ਵੱਡੇ ਹਸਪਤਾਲ ਲੈ ਗਏ
ਐਮਰਜੈਂਸੀ ਕਮਰੇ ਦੇ
ਇੱਕ ਮੰਜੇ ਤੇ
ਬਹੁਤ ਅਰਾਮ ਨਾਲ ਪਾਯਾ
ਡਾਕਟਰ ਦੀ ਉਡੀਕ ਕਰਦਿਆਂ
ਦਿਲ ਦਾ ਇਕ ਹੋਰ ਦੌਰਾ ਆਯਾ
ਮੈਂ ਨਾਲੇ ਮਾਂ ਨੂੰ ਸਾਹ ਦੇਵਾਂ
ਨਾਲੇ ਰੱਬ ਅੱਗੇ ਗਿੜਗਿੜਾਯਾ ।
ਮੇਰੀ ਇੱਕ ਨਹੀਂ ਚਲੀ
ਕਿਸੇ ਇੱਕ ਨਹੀਂ ਸੁਣੀ
ਮੈਂ ਪੁੱਛਦਾ ਰਿਹਾ —
“ਮੇਰੀ ਮਾਂ ਕਿੱਥੇ ?
ਦੱਸੋ ਮੈਨੂੰ
ਮੇਰੀ ਮਾਂ ਕਿੱਥੇ?”
ਮੈਂ, ਮਾਂ ਤੇ ਰੱਬ,
ਦੋਹਾਂ ਨੂੰ
ਉਸ ਦਿਨ
ਹਮੇਸ਼ਾ ਲਈ ਗਵਾਯਾ ।
ਹੁਣ ਅੱਧੀ ਨਾਲੋਂ
ਉਮਰ ਯਾਰੋ ਬੀਤ ਗਈ
ਸੁਣਿਆ ਸੀ ਸਮਾਂ
ਵੱਡੇ ਤੋਂ ਵੱਡੇ ਜ਼ਖ਼ਮ
ਭਰ ਦਿੰਦਾ ਹੈ ।
ਹੋਰ ਸਮੇਂ ਨੂੰ
ਕਿੱਨਾ ਸਮਾਂ ਚਾਹੀਦਾ ਹੈ ?
ਮੈਂ ਤਾਂ ਅਜੇ ਵੀ
ਉਸੇ ਤਰਾਂ
ਤੜਫ ਤੜਫ ਕੇ
ਕਈ ਵਾਰ ਪੁੱਛ ਬੈਠਦਾ ਹਾਂ ਕਿ —
“ਮੇਰੀ ਮਾਂ ਕਿੱਥੇ ?
ਦੱਸੋ ਮੈਨੂੰ
ਮੇਰੀ ਮਾਂ ਕਿੱਥੇ?”
( ਮੇਰੀ ਮਾਂ ਦਾ ਚੰਨ )
— Sarbjit Singh
